• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਲੋੜ ਅਤੇ ਲਾਲਚ - ਰਘੁਵੀਰ ਸਿੰਘ ਕਲੋਆ

  

Share
  

ਇਕ ਪਿੰਡ ਵਿਚ ਧਨੀ ਰਾਮ ਨਾਂ ਦਾ ਬਹੁਤ ਧਨਾਢ ਵਿਅਕਤੀ ਰਹਿੰਦਾ ਸੀ। ਉਸ ਦਾ ਕਰੋੜਾਂ ਵਿਚ ਚੱਲਦਾ ਕਾਰੋਬਾਰ ਹਰ ਸਾਲ ਵਧਦਾ ਹੀ ਜਾਂਦਾ ਸੀ, ਪਰ ਇੰਨੀ ਜ਼ਿਆਦਾ ਧਨ ਦੌਲਤ ਹੋਣ ਦੇ ਬਾਵਜੂਦ ਉਸਦੇ ਮਨ ਨੂੰ ਸੰਤੁਸ਼ਟੀ ਨਹੀਂ ਸੀ। ਧਨ ਦੌਲਤ ਦੀ ਇਸੇ ਭੱਜ ਨੱਠ ’ਚ ਉਸ ਨੂੰ ਇਕ ਦਿਨ ਤੇਜ਼ ਬੁਖਾਰ ਹੋ ਗਿਆ। ਕਾਫ਼ੀ ਦਵਾ-ਦਾਰੂ ਨਾਲ ਵੀ ਜਦੋਂ ਉਸਦਾ ਦਾ ਬੁਖਾਰ ਨਾ ਉਤਰਿਆ ਤਾਂ ਉਸਨੇ ਆਪਣੇ ਮਨ ’ਚ ਪ੍ਰਾਰਥਨਾ ਕੀਤੀ ਕਿ ਜੇਕਰ ਉਸ ਦਾ ਬੁਖਾਰ ਕੱਲ੍ਹ ਤਾਈਂ ਠੀਕ ਹੋ ਗਿਆ ਤਾਂ ਉਹ ਆਪਣੀ ਪਿਛਲੇ ਪੰਜ ਦਿਨਾਂ ਦੀ ਸਾਰੀ ਕਮਾਈ ਗ਼ਰੀਬਾਂ ਵਿਚ ਵੰਡ ਦੇਏਗਾ।
ਅਗਲੇ ਦਿਨ ਧਨੀ ਰਾਮ ਦਾ ਬੁਖਾਰ ਸੱਚਮੁੱਚ ਠੀਕ ਹੋ ਗਿਆ। ਉਸਨੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਅਗਲੇ ਹਫ਼ਤੇ ਦਾ ਇਕ ਦਿਨ ਗ਼ਰੀਬਾਂ ਨੂੰ ਦਾਨ-ਪੁੰਨ ਅਤੇ ਜੱਗ ਲਗਾਉਣ ਲਈ ਚੁਣ ਲਿਆ। ਉਸਨੇ ਇਸਦਾ ਢੰਡੋਰਾ ਦੂਰ-ਦੂਰ ਤਕ ਕਰਵਾ ਦਿੱਤਾ। ਮਿੱਥੇ ਦਿਨ ਉਸਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਵਾਏ ਤੇ ਆਪਣੇ ਸੇਵਾਦਾਰਾਂ ਨੂੰ ਹੁਕਮ ਦਿੱਤਾ ਕਿ ਹਰ ਆਏ ਵਿਅਕਤੀ ਨੂੰ ਪੇਟ ਭਰ ਕੇ ਭੋਜਨ ਛਕਾਉਣ ਤੋਂ ਬਾਅਦ ਅਨਾਜ, ਦਾਲਾਂ ਜਾਂ ਗੁੜ-ਸ਼ੱਕਰ ਜੋ ਵੀ ਕਿਸੇ ਨੂੰ ਲੋੜੀਂਦਾ ਹੋਵੇ, ਪੰਜ-ਪੰਜ ਸੇਰ ਦੇ ਦਿੱਤੇ ਜਾਣ। ਧਨੀ ਰਾਮ ਦੇ ਸੇਵਾਦਾਰ ਉਸ ਦੇ ਹੁਕਮ ਅਨੁਸਾਰ ਸੇਵਾ ਨਿਭਾਉਣ ਲੱਗੇ। ਧਨੀ ਰਾਮ ਆਪ ਹਵੇਲੀ ਦੀ ਡਿਊਢੀ ਵਿਚ ਕੁਰਸੀ ’ਤੇ ਬੈਠ ਗਿਆ ਤੇ ਹਰ ਜਾਂਦੇ ਵਿਅਕਤੀ ਦੀ ਝੋਲੀ ਭਰੀ ਦੇਖ ਕੇ ਮਨ ਹੀ ਮਨ ਖ਼ੁਸ਼ ਹੋਣ ਲੱਗਾ। ਅਚਾਨਕ ਉਸ ਦੀ ਨਜ਼ਰ ਇਕ ਮਹਾਤਮਾ ’ਤੇ ਪਈ ਜੋ ਭੋਜਨ ਛਕਣ ਉਪਰੰਤ ਖਾਲੀ ਹੱਥ ਹੀ ਵਾਪਸ ਜਾ ਰਿਹਾ ਸੀ। ਆਪਣੇ ਇਕ ਸੇਵਾਦਾਰ ਨੂੰ ਉਸ ਮਹਾਤਮਾ ਪਿੱਛੇ ਭੇਜ ਕੇ ਧਨੀ ਰਾਮ ਨੇ ਮਹਾਤਮਾ ਨੂੰ ਵਾਪਸ ਬੁਲਾਇਆ ਤੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ, ‘ਮਹਾਤਮਾ! ਹਰ ਇਕ ਵਿਅਕਤੀ ਆਪਣੀ ਝੋਲੀ ’ਚ ਕੁਝ ਨਾ ਕੁਝ ਪੁਆ ਕੇ ਲੈ ਜਾ ਰਿਹਾ ਹੈ ਤੇ ਤੁਸੀਂ ਖਾਲੀ ਹੀ ਚੱਲ ਪਏ, ਕੀ ਤੁਹਾਨੂੰ ਕੁਝ ਨਹੀਂ ਚਾਹੀਦਾ?’
ਉਸਦੀ ਇਹ ਗੱਲ ਸੁਣ ਮਹਾਤਮਾ ਮੁਸਕਰਾਇਆ ਤੇ ਬਹੁਤ ਹੀ ਨਿਮਰਤਾ ਨਾਲ ਉੱਤਰ ਦਿੱਤਾ,‘ਸ੍ਰੀਮਾਨ, ਮੈਂ ਤਾਂ ਬਸ ਇੱਥੋਂ ਗੁਜ਼ਰ ਰਿਹਾ ਸੀ, ਜਿੰਨੀ ਕੁ ਲੋੜ ਸੀ, ਓਨਾ ਭੋਜਨ ਖਾ ਕੇ ਮੈਂ ਸੰਤੁਸ਼ਟ ਹਾਂ, ਹੁਣ ਹੋਰ ਲਾਲਚ ਕਰ ਕੇ ਮੈਂ ਆਪਣੀ ਇਹ ਸੰਤੁਸ਼ਟੀ ਗੁਆਉਣੀ ਨਹੀਂ ਚਾਹੁੰਦਾ।’
‘ਪਰ ਉਹ ਕਿਵੇਂ?’ ਧਨੀ ਰਾਮ ਨੇ ਹੋਰ ਜ਼ਿਆਦਾ ਹੈਰਾਨ ਹੁੰਦਿਆਂ ਪੁੱਛਿਆ।’
ਮਹਾਤਮਾ ਨੇ ਉਂਗਲ ਨਾਲ ਉੱਪਰ ਆਸਮਾਨ ਵਿਚ ਜਾ ਰਹੀ ਪੰਛੀਆਂ ਦੀ ਡਾਰ ਵੱਲ ਇਸ਼ਾਰਾ ਕੀਤਾ ਤੇ ਕਿਹਾ,
‘ਦੇਖੋ, ਪੰਛੀਆਂ ਦੀ ਇਹ ਡਾਰ ਕਿੰਨੀ ਸੰਤੁਸ਼ਟੀ ਨਾਲ ਆਪਣੇ ਆਲ੍ਹਣਿਆਂ ਵੱਲ ਵਾਪਸ ਜਾ ਰਹੀ ਹੈ, ਹਰ ਰੋਜ਼ ਇਹ ਉਡਾਰੀ ਭਰਦੇ ਤੇ ਆਪਣੀ ਲੋੜ ਮੁਤਾਬਿਕ ਚੋਗ ਚੁਗ ਕੇ ਵਾਪਸ ਆਉਂਦੇ ਹਨ। ਕਦੇ ਵੀ ਇਨ੍ਹਾਂ ਨੇ ਲਾਲਚ ਕਰਕੇ ਆਪਣੇ ਨਾਲ ਕੁਝ ਨਹੀਂ ਲਿਆਂਦਾ ਤੇ ਅਸੀਂ ਲਾਲਚ ਵਸ ਪਤਾ ਨਹੀਂ ਕਿੰਨਾ ਕੁਝ ਜੋੜੀ ਹੀ ਜਾ ਰਹੇ ਹਾਂ ਤੇ ਅਸ਼ਾਂਤ ਰਹਿੰਦੇ ਹਾਂ। ਲੋੜ ਅਤੇ ਲਾਲਚ ਵਿਚਲਾ ਇਹ ਅੰਤਰ ਮੈਂ ਵੀ ਹੁਣੇ ਇੱਥੇ ਬੈਠੇ-ਬੈਠੇ ਜਾਣ ਪਾਇਆ ਹਾਂ ਤੇ ਇਸੇ ਲਈ ਮੈਂ ਖਾਲੀ ਹੱਥ ਵਾਪਸ ਜਾ ਰਿਹਾ।’
ਇਹ ਆਖ ਮਹਾਤਮਾ ਨੇ ਧਨੀ ਰਾਮ ਨੂੰ ਨਮਸਕਾਰ ਕੀਤੀ ਤੇ ਅੱਗੇ ਨਿਕਲ ਗਿਆ। ਮਹਾਤਮਾ ਦੇ ਕਹੇ ਇਹ ਬੋਲ ਸੁਣ ਧਨੀ ਰਾਮ ਆਪਣੇ ਆਪ ’ਤੇ ਬਹੁਤ ਸ਼ਰਮਿੰਦਾ ਹੋਇਆ। ਲੋੜ ਅਤੇ ਲਾਲਚ ਵਿਚਲੇ ਇਸ ਸਬਕ ਨੇ ਉਸਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਛੇਤੀ ਹੀ ਉਸਨੇ ਲੋੜ ਜਿੰਨਾ ਕਾਰੋਬਾਰ ਰੱਖ ਕੇ ਬਾਕੀ ਸਭ ਧਨ ਦੌਲਤ ਗ਼ਰੀਬਾਂ ਵਿਚ ਵੰਡ ਦਿੱਤੀ। ਹੁਣ ਉਸਦਾ ਮਨ ਵੀ ਪੰਛੀਆਂ ਦੇ ਮਨ ਵਾਗ ਸ਼ਾਂਤ ਅਤੇ ਸੰਤੁਸ਼ਟ ਰਹਿਣ ਲੱਗਾ ਸੀ।

EpapersUpdates